Crime
392
10
ਨਿਰਭੈਆ ਦੇ ਚਾਰੇ ਦੋਸ਼ੀ ਫਾਹੇ ਟੰਗੇ
ਸੱਤ ਸਾਲਾਂ ਤੋਂ ਬਾਅਦ ਸਾਰੇ ਕਾਨੂੰਨੀ ਦਾਅ-ਪੇਚ ਮੁੱਕ ਜਾਣ ਤੋਂ ਬਾਅਦ ਅੱਜ ਸਵੇਰੇ ਥੋੜ੍ਹੀ ਦੇਰ ਪਹਿਲਾਂ ਨਿਰਭੈਆ ਦੇ ਚਾਰ ਦੋਸ਼ੀਆਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ।
ਸੱਤ ਸਾਲ 3 ਮਹੀਨੇ ਤੇ ਤਿੰਨ ਦਿਨਾਂ ਦੇ ਲੰਬੇ ਅਰਸੇ ਤੋਂ ਬਾਅਦ ਨਿਰਭੈਯਾ ਦੇ ਚਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਸਵੇਰੇ ਭਾਰਤੀ ਸਮੇਂ 5।30 ਵਜੇ ਤੇ ਆਸਟ੍ਰੇਲੀਅਨ ਸਮੇਂ ਸਵੇਰੇ 10।30 ਵਜੇ ਤਿਹਾੜ ਜੇਲ੍ਹ ਦੇ ਫਾਂਸੀ ਘਰ ਵਿੱਚ ਫਾਂਸੀ ਦੇ ਦਿੱਤੀ ਗਈ। ਨਿਰਭੈ ਬਲਾਤਕਾਰ ਦੇ ਚਾਰੇ ਦੋਸ਼ੀਆਂ ਵਿਨੈ, ਅਕਸ਼ੇ, ਮੁਕੇਸ਼ ਅਤੇ ਪਵਨ ਗੁਪਤਾ ਨੂੰ ਇਕੱਠਿਆਂ ਨੂੰ ਫਾਂਸੀ ਦਿੱਤੀ ਗਈ ਹੈ ਅਤੇ ਹੁਣ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਲਿਜਾਇਆ ਜਾਵੇਗਾ।
ਸੱਤ ਸਾਲ, 3 ਮਹੀਨੇ ਅਤੇ ਤਿੰਨ ਦਿਨ ਪਹਿਲਾਂ 16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਦੇ ਵਿੱਚ ਨਿਰਭੈਆਂ ਨਾਲ ਬਲਾਤਕਾਰ ਤੋਂ ਬਾਅਦ ਚੱਲਦੀ ਬੱਸ ਦੇ ਵਿੱਚੋਂ ਬਾਹਰ ਸੁੱਟ ਦਿਅਤਾ ਗਿਆ ਸੀ ਤੇ ਬਾਦ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ। ਇਸ ਦਿਲ-ਕੰਬਾਊ ਘਟਨਾ ਨੇ ਪੂਰੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਭਾਰਤ ਦੀਆਂ ਸੜਕਾਂ ‘ਤੇ ਇਸ ਕਾਂਡ ਦੇ ਵਿਰੁੱਧ ਲੋਕ ਇਨਸਾਫ ਲਈ ਸੜਕਾਂ ‘ਤੇ ਆ ਗਏ ਸਨ।
ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਇਨਸਾਫ ਲਈ ਇੱਕ ਲੰਬੀ ਲੜਾਈ ਲੜੀ। ਅੱਜ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਹੈ ਤਾਂ ਉਸਨੇ ਐਲਾਨ ਕੀਤਾ ਕਿ ਉਹ 20 ਮਾਰਚ ਨੂੰ ‘ਨਿਰਭੈਯਾ ਦਿਵਸ’ ਵਜੋਂ ਮਨਾਏਗੀ। ਆਸ਼ਾ ਦੇਵੀ ਦਾ ਕਹਿਣਾ ਹੈ ਕਿ ਹੁਣ ਉਹ ਦੇਸ਼ ਦੀਆਂ ਹੋਰ ਧੀਆਂ ਲਈ ਇਨਸਾਫ਼ ਲੈਣ ਲਈ ਲੜਾਈ ਲੜੇਗੀ।
ਨਿਰਭੈਯਾ ਦੇ ਚਾਰਾਂ ਦੋਸ਼ੀਆਂ ਦੁਆਰਾ ਆਖਰੀ ਪਲ ਤੱਕ ਫਾਂਸੀ ਤੋਂ ਬਚਣ ਕਈ ਦਾਅ-ਪੇਚ ਲਾਏ ਸਨ। ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਫਾਂਸੀ ਤੋਂ ਇਕ ਦਿਨ ਪਹਿਲਾਂ ਮੌਤ ਦਾ ਵਾਰੰਟ ਮੁਲਤਵੀ ਕਰਨ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜੋ ਖਾਰਜ ਹੋ ਗਈ।
ਵਰਨਣਯੋਗ ਹੈ ਕਿ 6 ਦਸੰਬਰ, 2012 ਨੂੰ ਦਿੱਲੀ ਵਿੱਚ 6 ਵਿਅਕਤੀਆਂ ਨੇ ਇੱਕ ਚਲਦੀ ਬੱਸ ਵਿੱਚ ਇੱਕ ਮੈਡੀਕਲ ਦੀ ਵਿਦਿਆਰਥਣ ਨਿਰਭੈਆ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਘਟਨਾ ਦੇ ਵਿੱਚ ਜ਼ੁਲਮ ਦੀਆਂ ਉਹ ਸਾਰੀਆਂ ਹੱਦਾਂ ਪਾਰ ਹੋ ਗਈਆਂ ਸਨ, ਜਿਹੜੀਆਂ ਇੱਕ ਜੀਵਤ ਵਿਅਕਤੀ ਵੇਖ ਅਤੇ ਸੁਣਕੇ ਘਬਰਾ ਸਕਦਾ ਹੈ। ਘਟਨਾ ਦੌਰਾਨ ਨਿਰਭੈਆ ਦਾ ਦੋਸਤ ਵੀ ਬੱਸ ਵਿੱਚ ਸਵਾਰ ਸੀ ਤੇ ਦੋਸ਼ੀਆਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਨਿਰਭੈਆ ਅਤੇ ਦੋਸਤ ਨੂੰ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਸੀ।
ਫਾਂਸੀ ਤੋਂ ਪਹਿਲਾਂ ਆਖਰੀ ਇੱਛਾ ਨਹੀਂ ਦੱਸੀ
ਫਾਂਸੀ ਤੋਂ ਪਹਿਲਾਂ ਸਿਰਫ ਮੁਕੇਸ਼ ਅਤੇ ਵਿਨੈ ਨੇ ਚਾਰ ਦੋਸ਼ੀਆਂ ਵਿਚੋਂ ਰਾਤ ਦਾ ਖਾਣਾ ਖਾਧਾ ਪਰ ਪਵਨ ਅਤੇ ਅਕਸ਼ੇ ਨੇ ਖਾਣਾ ਨਹੀਂ ਖਾਧਾ। ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੂੰ ਪਰਿਵਾਰ ਨਾਲ ਮਿਲਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਪਰ ਦੋਸ਼ੀ ਮੁਕੇਸ਼ ਦੇ ਪਰਿਵਾਰ ਨੂੰ ਫਾਂਸੀ ਤੋਂ ਥੋੜ੍ਹੀ ਦੇਰ ਪਹਿਲਾਂ ਆਖਰੀ ਵਾਰ ਮਿਲਣ ਦਿੱਤਾ ਗਿਆ।
Tags:
Crime, Nirbhaya

