ਪ੍ਰਧਾਨ ਮੰਤਰੀ ਸਕਾਟ ਮਾਰੀਸਨ ਅਤੇ ਸਿਹਤ ਮੰਤਰੀ ਗਰੈਗ ਹੰਟ ਨੇ ਸਮੁੱਚੇ ਆਸਟ੍ਰੇਲੀਆਈ ਲੋਕਾਂ ਨੂੰ ਅਪੀਲ ਦੇ ਲਹਿਜ਼ੇ ਅੰਦਰ ਚਿਤਾਵਨੀ ਦਿੱਤੀ ਹੈ ਕਿ ਕਰੋਨਾ ਨੂੰ ਰੋਕਣ ਵਾਸਤੇ ਆਉਣ ਵਾਲੇ ਈਸਟਰ ਦੇ ਵੀਕਐਂਡ ਉਪਰ ਕੋਈ ਵੀ ਆਪਣੇ ਘਰਾਂ ਵਿੱਚੋਂ ਬਾਹਰ ਨਹੀਂ ਨਿਕਲੇਗਾ ਅਤੇ ਜੇ ਕੋਈ ਇਸ ਚਿਤਾਵਨੀ ਨੂੰ ਸਮਝਦਾਰੀ ਅਤੇ ਪ੍ਰੋੜਤਾ ਨਾਲ ਨਹੀਂ ਨਿਭਾਵੇਗਾ ਤਾਂ ਫੇਰ ਉਸਨੂੰ ਕਾਨੂੰਨੀ ਮਾਰ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਇਸ ਲਈ ਆਪਣੇ ਆਪ ਦੀ, ਆਪਣੇ ਦੇਸ਼ ਦੀ, ਆਪਣੇ ਲੋਕਾਂ ਲਈ, ਅਤੇ ਆਪਣੇ ਸਮਾਜ ਦੀ ਭਲਾਈ ਵਾਸਤੇ ਆਪਣੇ ਆਪਣੇ ਘਰਾਂ ਵਿੱਚ ਹੀ ਰਹੋ ਕਿਉਂਕਿ ਕਰੋਨਾ ਸਿਰਫ ਬਿਮਾਰ ਹੀ ਨਹੀਂ ਕਰਦਾ ਸਗੋਂ ਜਾਨ ਵੀ ਲੈ ਸਕਦਾ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਸਨੇਹੇ ਵਿੱਚ ਇਹ ਵੀ ਕਿਹਾ ਕਿ ਦੇਸ਼ ਅੰਦਰ ਇਸ ਵੇਲੇ ਕਰੋਨਾ ਨਾਲ ਮੌਤਾਂ ਦੀ ਗਿਣਤੀ 51 ਤੱਕ ਪਹੁੰਚ ਗਈ ਹੈ ਅਤੇ 6100 ਦੇ ਕਰੀਬ ਲੋਕ ਇਸ ਭਿਆਨਕ ਬਿਮਾਰੀ ਤੋਂ ਪੀੜਿਤ ਹੋ ਚੁਕੇ ਹਨ ਅਤੇ ਜ਼ੇਰੇ ਇਲਾਜ ਹਨ -ਇਸ ਸਭ ਦੇ ਮੱਦੇ ਨਜ਼ਰ ਜੇ ਅਸੀਂ ਹਾਲੇ ਵੀ ਆਪਣੇ ਆਪ ਅਤੇ ਆਪਣੇ ਆਲੇ-ਦੁਆਲੇ ਉਪਰ ਕਾਬੂ ਨਾ ਪਾਇਆ ਤਾਂ ਫੇਰ ਬੜੀ ਦੇਰ ਹੋ ਜਾਵੇਗੀ ਅਤੇ ਫੇਰ ਕੋਈ ਮੋੜਾ ਹੀ ਨਹੀਂ ਪੈ ਸਕਦਾ।
ਪਰੰਤੂ ਆਹ ਲਾਕਡਾਊਨ ਦਾ ਪੂਰਨ ਪਾਲਣ ਕਰਕੇ, ਛੋਟੀਆਂ ਛੋਟੀਆਂ ਅਹਿਤਿਆਦਾਂ ਵਰਤ ਕੇ ਅਤੇ ਸਭ ਮਿਲ ਜੁਲ ਕੇ ਇਸ ਬਿਮਾਰੀ ਤੋਂ ਨਜਾਤ ਪਾ ਸਕਦੇ ਹਾਂ। ਪੁਲਿਸ ਅਤੇ ਸਥਾਨਕ ਸਰਕਾਰਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਲਾਕਡਾਊਨ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਨਹੀਂ ਤਾਂ ਉਨਾ੍ਹਂ ਨੂੰ ਵੀ ਵੱਡੇ ਜੁਰਮਾਨੇ ਅਦਾ ਕਰਨੇ ਪੈ ਸਕਦੇ ਹਨ। ਲਾਕਡਾਊਨ ਦਾ ਪਾਲਣ ਨਾ ਕਰਨ ਕਰਕੇ, ਹੁਣੇ ਹੁਣੇ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੂੰ ਮਿਲੀ ਸਜ਼ਾ ਤੋਂ ਬਾਅਦ ਹੁਣ ਨਿਊ ਸਾਊਥ ਵੇਲਜ਼ ਦੇ ਇੱਕ ਮੰਤਰੀ ਡਾਨ ਹਾਰਵਿਨ ਉਪਰ ਵੀ ਅਜਿਹੇ ਹੀ ਦੋਸ਼ ਲੱਗੇ ਹਨ ਕਿ ਉਹ ਲਾਕਡਾਊਨ ਦੌਰਾਨ ਆਪਣੇ ਸਿਡਨੀ ਵਾਲੇ ਘਰ ਤੋਂ ਤਕਰੀਬਨ ਇੱਕ ਘੰਟੇ ਦੀ ਡਰਾਈਵ ਵਾਲੀ ਦੂਰੀ ਤੇ ਸਥਿਤ ਪਰਲ ਬੀਚ ਹਾਊਸ ਉਪਰ ਦੇਖੇ ਗਏ ਹਨ।
Source: punjabiakhbar