ਮੈਲਬੌਰਨ – ਕੋਰੋਨਾਵਾਇਰਸ ਜਿਥੇ ਚੀਨ ਤੋਂ ਇਲਾਵਾ 145 ਹੋਰਨਾਂ ਦੇਸ਼ਾਂ ਦੇ ਵਿੱਚ ਬਹੁਤ ਤੇਜੀ ਦੇ ਨਾਲ ਫੈਲ ਗਿਆ ਹੈ ਉਥੇ ਹੀ ਆਸਟ੍ਰੇਲੀਆ ਦੇ ਵਿੱਚ ਵੀ ਕੋਰੋਨਾਵਾਇਰਸ ਨੇ ਆਪਣੀ ਰਫ਼ਤਾਰ ਹੋਰ ਤੇਜੀ ਨਾਲ ਫੜ ਲਈ ਹੈ।
ਆਸਟ੍ਰੇਲੀਆ ਦੇ ਵਿੱਚ 500 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਕੱਲ੍ਹ ਸੋਮਵਾਰ ਤੋਂ ਪਾਬੰਦੀ ਲਾਗੂ ਹੋ ਜਾਵੇਗੀ। ਇਹਨਾਂ ਵਿੱਚ ਗੁਰਦੁਆਰੇ, ਹੋਰ ਧਾਰਮਿਕ ਸਥਾਨ ਤੇ ਤਿਉਹਾਰ ਵੀ ਸ਼ਾਮਿਲ ਹਨ ਜਿਹਨਾਂ ਵਿੱਚ 500 ਤੋਂ ਵੱਧ ਲੋਕਾਂ ਦੇ ਇੱਕਤਰ ਹੋਣ ‘ਤੇ ਪਾਬੰਦੀ ਲੱਗ ਜਾਵੇਗੀ। ਇਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਸ਼ਾਇਦ ਅੱਜ ਕਿਸੇ ਵੀ ਵੇਲੇ ਸਰਕਾਰ ਦੇ ਵਲੋਂ ਸਕੂਲਾਂ ਨੂੰ ਵੀ ਅਗਲੇ ਦੋ ਹਫ਼ਤਿਆਂ ਦੇ ਲਈ ਬੰਦ ਕੀਤੇ ਜਾਣ ਦਾ ਫੈਸਲਾ ਲੈ ਲਿਆ ਜਾਵੇ।
ਇਸੇ ਦੌਰਾਨ ਆਸਟ੍ਰੇਲੀਆ ਦੇ ਵਿੱਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 251 ‘ਤੇ ਪਹੁੰਚ ਗਈ ਹੈ ਜਦਕਿ ਇਸ ਬਿਮਾਰੀ ਨਾਲ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਵਿੱਚ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੱਟਨ ਵੀ ਸ਼ਾਮਿਲ ਹਨ ਜੋ ਜ਼ੇਰੇ ਇਲਾਜ ਹਨ। ਗ੍ਰਹਿ ਮੰਤਰੀ ਪੀਟਰ ਡੱਟਨ ਬੇਸ਼ੱਕ ਹਸਤਪਾਲ ਦੇ ਵਿੱਚ ਇਲਾਜ ਅਧੀਨ ਹਨ ਪਰ ਉਹ ਗ੍ਰਹਿ ਵਿਭਾਗ ਦੀਆਂ ਸਾਰੀਆਂ ਹੀ ਮੀਟਿੰਗਾਂ ਦੇ ਵਿੱਚ ਵੀਡੀਉ ਲਿੰਕ ਦੇ ਰਾਹੀਂ ਬਾਕਾਇਦਾ ਤੌਰ ‘ਤੇ ਹਾਜ਼ਰੀ ਭਰ ਰਹੇ ਹਨ ‘ਤੇ ਦੇਸ਼ ਦੇ ਹਰ ਘਟਨਾਕ੍ਰਮ ਉਪਰ ਨਜ਼ਰ ਰੱਖ ਰਹੇ ਹਨ।
ਆਸਟ੍ਰੇਲੀਆ ਦੇ ਵਿੱਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕੇਸਾਂ ਦੀ ਤਾਜ਼ਾਂ ਸਥਿਤੀ ਇਸ ਪ੍ਰਕਾਰ ਹੈ:-
ਕੁੱਲ ਗਿਣਤੀ 251
ਨਿਊ ਸਾਊਥ ਵੇਲਜ਼ ਵਿਚ – 112
ਵਿਕਟੋਰੀਆ – 49
ਕੁਈਨਜ਼ਲੈਂਡ – 46
ਸਾਊਥ ਆਸਟ੍ਰੇਲੀਆ – 19
ਵੈਸਟਰਨ ਆਸਟ੍ਰੇਲੀਆ – 17
ਨਾਰਦਰਨ ਟੈਰੇਟਰੀ – 1
ਤਸਮਾਨੀਆ – 6
ਆਸਟ੍ਰੇਲੀਅਨ ਕੈਪੀਟਲ ਟੈਰੇਟਰੀ – 1
ਵਿਕਟੋਰੀਅਨ ਸਰਕਾਰ ਦੇ ਵਲੋਂ ਸੂਬੇ ਦੇ ਵਿੱਚ ਕੋਰੋਨਾਵਾਇਰਸ ਦੀ ਸਕਰੀਨਿੰਗ ਦੇ ਲਈ 12 ਕਲੀਨਿਕ ਸਥਾਪਿਤ ਕੀਤੇ ਗਏ ਹਨ। ਇਹ ਕਲੀਨਿਕ ਐਲਫ੍ਰੇਡ ਹਸਪਤਾਲ, ਐਲਬਰੀ ਵੋਡੋਂਗਾ, ਔਸਟਿਨ ਹਸਪਤਾਲ, ਬਾਰਵੌਨ ਹੈਲਥ-ਜੀਲੌਂਗ, ਬੌਕਸ ਹਿੱਲ ਹਸਪਤਾਲ, ਮੋਨਾਸ਼ ਕਲੇਟਨ, ਨਾਰਦਰਨ ਹਸਪਤਾਲ, ਪੈਨੀਸੁਲਾ ਹੈਲਥ – ਫਰੈਂਕਸਟਨ, ਰੌਇਲ ਮੈਲਬੌਰਨ ਹਸਪਤਾਲ, ਸੇਂਟ ਵਿਨਸੈਂਟ ਹਸਪਤਾਲ ਮੈਲਬੌਰਨ, ਸਨਸ਼ਾਈਨ ਹਸਪਤਾਲ ਅਤੇ ਵੋਨਥਾਗੀ ਹਸਪਤਾਲ ਦੇ ਵਿੱਚ ਸਥਾਪਿਤ ਕੀਤੇ ਗਏ ਹਨ।
Source: Indotimes