General
ਦੇਸ਼ ਅੰਦਰ ਹਾਲੇ ਤੱਕ ਤਾਂ ਖਾਣ ਵੀਣ ਦੀਆਂ ਵਸਤਾਂ ਵਿੱਚ ਕੋਈ ਕਮੀ ਨਹੀਂ ਪਰੰਤੂ ਆਉਣ ਵਾਲੇ ਸਮੇਂ ਵਿੱਚ ਹੋ ਸਕਦੀ ਹੈ ਸਥਿਤੀ ਗੰਭੀਰ
ਕਰੋਨਾ ਵਾਇਰਸ ਦੇ ਚਲਦਿਆਂ ਸਮੁੱਚੇ ਆਸਟ੍ਰੇਲੀਆ ਅੰਦਰ ਹੀ ਲਾਕਡਾਊਨ ਲਾਗੂ ਕੀਤਾ ਗਿਆ ਹੈ ਅਤੇ ਇਸ ਨਾਲ ਸਮੁੱਚੇ ਦੇਸ਼ ਅੰਦਰ ਹੀ ਸਪਲਾਈ ਅਤੇ ਮੰਗ ਦੋਹੇਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਮੁਤਾਬਿਕ ਹਾਲੇ ਤੱਕ ਤਾਂ ਦੇਸ਼ ਅੰਦਰ ਖਾਣ ਵੀਣ ਦੀਆਂ ਵਸਤਾਂ ਦੇ ਭੰਡਾਰ ਵਿੱਚ ਕੋਈ ਕਮੀ ਨਹੀਂ ਪਰੰਤੂ ਚਿਤਾਵਨੀਆਂ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਗੰਭੀਰ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ੳਦਾਹਰਨ ਦੇ ਤੌਰ ਤੇ ਕੁੱਝ ਖਾਸ ਵਸਤਾਂ ਦੀ ਪ੍ਰੋਡਕਸ਼ਨ ਹੀ ਰੁੱਕ ਗਈ ਹੈ ਕਿਉਂਕਿ ਕਰੋਨਾ ਲੋਕਡਾਊਨ ਨੇ ਫੈਕਟਰੀਆਂ ਨੂੰ ਬੰਦ ਕੀਤਾ ਹੋਇਆ ਹੈ ਅਤੇ ਜੇ ਇਹੋ ਸਥਿਤੀ ਲੰਬੇ ਸਮੇਂ ਤੱਕ ਚਲਦੀ ਹੈ ਤਾਂ ਫੇਰ ਮਾੜੇ ਪ੍ਰਭਾਵ ਸੁਭਾਵਿਕ ਹੀ ਹਨ। ਵੈਸੇ ਬੰਦਰਗਾਹਾਂ ਉਪਰ ਸਮੁੰਦਰੀ ਜਹਾਜ਼ਾਂ ਰਾਹੀਂ ਸਮਾਨ ਪੁੱਜਣਾ ਜਾਰੀ ਹੈ ਅਤੇ ਇੱਕ ਗੱਲ ਤਸੱਲੀ ਬਖ਼ਸ਼ ਇਹ ਵੀ ਹੈ ਕਿ ਹਾਲੇ ਤੱਕ ਕਿਸੇ ਵੀ ਬੰਦਰਗਾਹ ਉਪਰ ਕੋਈ ਕਾਮਾ ਜਾਂ ਅਧਿਕਾਰੀ ਕੋਵਿਡ 19 ਨਾਲ ਗ੍ਰਸਤ ਨਹੀਂ ਹੋਇਆ ਅਤੇ ਇਸ ਕਰਕੇ ਸਪਲਾਈ ਪ੍ਰਭਾਵਿਤ ਨਹੀਂ ਹੋਈ ਹੈ।