ਸਿਡਨੀ ਦੇ ਵਿਲਾਵੁੱਡ ਡਿਟੈਂਸ਼ਨ ਸੈਂਟਰ ਦੀ ਛੱਤ ਉਪਰ ਚੜ੍ਹ ਕੇ ਮੁਜਾਹਰਾ ਕਰ ਰਹੇ ਤਿੰਨ ਬੰਧਕਾਂ ਨੂੰ ਪੁਲਿਸ ਨੇ ਆਪ੍ਰੇਸ਼ਨ ਦੇ ਤਹਿਤ ਗ੍ਰਿਫਤਾਰ ਕਰ ਲਿਆ ਹੈ। ਉਕਤ ਤਿੰਨੇ ਬੰਧਕ ਜੋ ਕਿ ਡਿਟੈਂਸ਼ਨ ਸੈਂਟਰ ਅੰਦਰ ਸ਼ਰਣਾਰਥੀ ਕਾਨੂੰਨਾ ਤਹਿਤ ਬੰਧਕ ਹਨ, ਛੱਤ ਉਪਰ ਚੜ੍ਹ ਕੇ ਹੱਥਾਂ ਵਿੱਚ ਬੈਨਰ ਫੜ੍ਹ ਕੇ ਸਰਕਾਰ ਅਤੇ ਡਿਟੈਂਸ਼ਨ ਸੈਂਟਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਅਤੇ ਆਪਣੀ ਜਾਨ ਦੀ ਰਾਖੀ ਦੀ ਮੰਗ ਕਰ ਰਹੇ ਸਨ। ਬੈਨਰਾਂ ਉਪਰ ਲਿਖਿਆ ਗਿਆ ਹੈ -”ਅਸੀਂ ਵੀ ਮਨੁੱਖ ਜਾਤੀ ਦੇ ਹੀ ਹਾਂ ਅਤੇ ਸਾਨੂੰ ਤੁਰੰਤ ਰਿਹਾ ਕੀਤਾ ਜਾਵੇ”। ਮੁਹੰਮਦ ਕਾਦਿਰ ਨਾਮ ਦੇ ਇੱਕ ਬੰਧਕ ਨੇ ਕਿਹਾ ਕਿ ਉਨਾ੍ਹਂ ਨੇ ਕਈ ਦਿਨਾਂ ਤੋਂ ਕੁੱਝ ਵੀ ਖਾਧਾ ਪੀਤਾ ਨਹੀਂ ਹੈ ਅਤੇ ਉਨਾ੍ਹਂ ਦੀਆਂ ਮੋਬਾਇਲ ਦੀਆਂ ਬੈਟਰੀਆਂ ਵੀ ਖ਼ਤਮ ਹੋ ਰਹੀਆਂ ਹਨ। ਇਨਾ੍ਹਂ ਤਿੰਨਾਂ ਨੂੰ ਨਿਊ ਸਾਊਥ ਵੇਲਜ਼ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਬਾਅਦ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਸੌਂਪ ਦਿੱਤਾ।
ਸਮਾਜਿਕ ਨਿਆਂ ਦੀ ਜੱਥੇਬੰਦੀ ਦੇ ਬੁਲਾਰੇ ਜਮਾਲ ਦਾਊਦ ਨੇ ਕਿਹਾ ਕਿ ਸਾਰੇ ਹੀ ਬੰਧਕ ਬਹੁਤ ਜ਼ਿਆਦਾ ਸਰੀਰਿਕ ਅਤੇ ਮਾਨਸਿਕ ਤਣਾਅ ਝੇਲ ਰਹੇ ਹਨ ਅਤੇ ਇਨਾ੍ਹਂ ਨੂੰ ਲਾਗਾਤਾਰ ਕੋਵਿਡ 19 ਦਾ ਡਰ ਵੀ ਸਤਾ ਰਿਹਾ ਹੈ। ਇਸੇ ਡਿਟੈਂਸ਼ਨ ਸੈਂਟਰ ਵਿੱਚ ਹੀ ਬੰਧਕਾਂ ਦੇ ਇੱਕ ਹੋਰ ਧੜੇ ਨੇ ਭੁੱਖ ਹੜਤਾਲ ਵੀ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿੱਛਲੇ ਮਹੀਨੇ ਬ੍ਰਿਸਬੇਨ ਦੇ ਡਿਟੈਂਸ਼ਨ ਸੈਂਟਰ ਅੰਦਰ ਇੱਕ ਬੰਧਕ ਕੋਵਿਡ 19 ਤੋਂ ਪੀੜਿਤ ਪਾਇਆ ਗਿਆ ਸੀ ਪਰੰਤੂ ਆਸਟ੍ਰੇਲੀਆਈ ਬਾਰਡਰ ਫੋਰਸ ਅਨੁਸਾਰ ਇਹ ਬਿਲਕੁਲ ਹੀ ਇਕਲੌਤਾ ਮਾਮਲਾ ਸੀ ਕਿਉਂਕਿ ਪਿੱਛਲੇ ਤਕਰੀਬਨ 15 ਦਿਨਾਂ ਤੋਂ ਇਸ ਬੰਧਕ ਨੇ ਕੋਈ ਕੰਮ ਹੀ ਨਹੀਂ ਸੀ ਕੀਤੀ ਅਤੇ ਨਾ ਹੀ ਇਸਦਾ ਕਿਸੇ ਨਾਲ ਕੋਈ ਮੇਲ ਜੋਲ ਹੀ ਸੀ। ਵੈਸੇ ਜ਼ਿਕਰਯੋਗ ਇਹ ਵੀ ਹੈ ਕਿ ਦੇਸ਼ ਅੰਦਰ ਬਹੁਤ ਸਾਰੀਆਂ ਨਿਆਇਕ ਅਤੇ ਸਮਾਜਿਕ ਜੱਥੇਬੰਧੀਆਂ ਲਗਾਤਾਰ ਡਿਟੈਸ਼ਨ ਸੈਂਟਰਾਂ ਵਿੱਚ ਰੱਖੇ ਗਏ ਇਨਾ੍ਹਂ ਬੰਧਕਾਂ ਦੀ ਰਿਹਾਈ ਲਈ ਮੰਗ ਵੀ ਕਰ ਰਹੀਆਂ ਹਨ।
Source: punjabiakhbar