ਆਸਟ੍ਰੇਲੀਆ ਪਰਤੇ 1600 ਦੀ ਗਿਣਤੀ ਵਿੱਚ ਦੇਸ਼ ਵਾਸੀਆਂ ਨੂੰ 14 ਦਿਨਾਂ ਦੇ ਕੁਆਰਨਟਾਈਨ ਵਾਸਤੇ ਹੋਟਲਾਂ ਅਤੇ ਹੋਰ ਸੁਵਿਧਾਜਨਕ ਸਥਾਨਾਂ ਉਪਰ ਰੱਖਿਆ ਗਿਆ ਹੈ ਅਤੇ ਉਨਾ੍ਹਂ ਦੇ ਸਹਿਯੋਗ ਵਾਸਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਤਹਿ ਦਿਲੋਂ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬਾਹਰ ਤੋਂ ਆ ਰਹੇ ਯਾਤਰੀਆਂ ਨੂੰ 14 ਦਿਨਾਂ ਦੇ ਕੁਆਰਨਟਾਈਨ ਦੀ ਸਫਲਤਾ ਵਾਸਤੇ ਸਥਾਨਕ ਪੁਲਿਸ, ਸਿਹਤ ਅਧਿਕਾਰੀ, ਬਾਰਡਰ ਫੋਰਸ ਆਦਿ ਤਾਇਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਕਿਹਾ ਗਿਆ ਕਿ ਪਹਿਲਾ ਦਿਨ ਠੀਕ ਠਾਕ ਨਿਕਲ ਗਿਆ ਅਤੇ ਯਾਤਰੀਆਂ ਵੱਲੋਂ ਕਿਸੇ ਵੀ ਤਰਾ੍ਹਂ ਦੇ ਅਸਹਿਯੋਗ ਜਾਂ ਆਨਾਕਾਨੀ ਕੀ ਕੋਈ ਖ਼ਬਰ ਨਹੀਂ ਹੈ। ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਕਿਮ ਫਲਰ ਨੇ ਇਹ ਵੀ ਦੱਸਿਆ ਕਿ ਅਜਿਹੇ ਵੱਡੇ ਆਪ੍ਰੇਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਘੱਟੋ ਘੱਟ ਛੇ ਮਹੀਨਿਆਂ ਦਾ ਸਮਾਂ ਚਾਹੀਦਾ ਹੁੰਦਾ ਹੈ ਪਰੰਤੂ ਅਸੀਂ ਸਾਰਿਆਂ ਨੇ ਮਿਲ ਕੇ ਸਿਰਫ 24 ਘੰਟਿਆਂ ਵਿੱਚ ਹੀ ਸਾਰਾ ਇੰਤਜ਼ਾਮ ਕਰ ਦਿੱਤਾ। ਡਿਫੈਂਸ ਫੋਰਸ ਦੇ 350 ਜਵਾਨ ਤਾਇਨਾਤ ਕੀਤੇ ਗਏ ਹਨ। ਸਿਡਨੀ ਏਅਰਪੋਰਟ ਤੇ ਉਤਰਨ ਵਾਲੇ ਯਾਤਰੀਆਂ ਵਿਚੋਂ 30 ਦੇ ਕਰੀਬ ਨੂੰ ਸਾਹ ਲੈਣ ਵਿੱਚ ਦਿੱਕਤ ਸਬੰਧੀ ਸ਼ਿਕਾਇਤਾਂ ਸਨ ਅਤੇ ਉਨਾ੍ਹਂ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਹੁਣ ਤੱਕ 4000 ਦੇ ਕਰੀਬ ਕੋਵਿਡ 19 ਦੇ ਮਾਮਲੇ ਹਨ ਅਤੇ ਨਿਊ ਸਾਊਥ ਵੇਲਜ਼ ਵਿੱਚ ਸਭ ਤੋਂ ਜ਼ਿਆਦਾ 1800 ਦੇ ਕਰੀਬ। 207 ਲੋਕਾਂ ਨੂੰ ਇਹ ਵਾਇਰਸ ਕਿਸੇ ਅਣਪਛਾਤੇ ਸੌਮੇ ਤੋਂ ਮਿਲਿਆ ਹੈ ਅਤੇ 16 ਲੋਕਾਂ ਨੂੰ ਹੁਣ ਤੱਕ ਆਪਣੀ ਜਾਨ ਗੁਆਉਣ ਪਈ ਹੈ।
Source:punjabiakhbar