ਕੈਨਬਰਾ – “ਆਸਟ੍ਰੇਲੀਆ ਦੇ ਵਿੱਚ ਹੁਣ ਚਾਈਲਡ ਕੇਅਰ ਸੇਵਾਵਾਂ ਫਰੀ ਦਿੱਤੀਆਂ ਜਾਣਗੀਆਂ। ਸਰਕਾਰ ਵਲੋਂ ਮੁਸ਼ਕਲ ਦੇ ਦੌਰ ਵਿੱਚੋਂ ਗੁਜ਼ਰ ਰਹੀ ਚਾਈਲਡ ਕੇਅਰ ਇੰਡਸਟਰੀ ਨੂੰ ਸਹਾਰਾ ਦਿੱਤਾ ਜਾਵੇਗਾ।”
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਥੋੜ੍ਹੀ ਦੇਰ ਪਹਿਲਾਂ ਇਹ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਦੇ ਵਲੋਂ ਮੌਜੂਦਾ ਸੰਕਟ ਦੇ ਸਮੇਂ ਵਿੱਚ ਜਰੂਰੀ ਕੰਮਾਂ ਨਾਲ ਜੁੜੇ ਵਰਕਰਾਂ ਅਤੇ ਜਰੂਰਤਮੰਦ ਬੱਚਿਆਂ ਦੇ ਲਈ ਹੁਣ ਚਾਈਲਡ ਕੇਅਰ ਸੇਵਾਵਾਂ ਅਗਲੇ 6 ਮਹੀਨੇ ਦੇ ਲਈ ਫਰੀ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ ਚਾਈਲਡ ਕੇਅਰ ਸੈਂਟਰਾਂ ਦੀ ਗਿਣਤੀ 13,000 ਹੈ ਜਿਹਨਾਂ ਨੂੰ ਇਸ ਨਾਲ ਲਾਭ ਪੁੱਜੇਗਾ। ਇਸ ਯੋਜਨਾ ਦੇ ਤਹਿਤ ਚਾਈਲਡ ਕੇਅਰ ਸੈਂਟਰ ਦੇ ਖਰਚੇ ਦਾ 50 ਫੀਸਦੀ ਮੌਜੂਦਾ ਇੱਕ ਘੰਟੇ ਦੇ ਖਰਚੇ ਦੇ ਹਿਸਾਬ ਤੱਕ ਦਾ ਸਰਕਾਰ ਵਲੋਂ ਸੈਂਟਰ ਨੂੰ ਦਿੱਤਾ ਜਾਵੇਗਾ।
ਇਸ ਯੋਜਨਾ ਦੇ ਤਹਿਤ ਚਾਈਲਡ ਕੇਅਰ ਸੈਂਟਰਾਂ ਦੇ ਵਿੱਚ 2 ਮਾਰਚ ਤੋਂ ਸੈਂਟਰ ਦੇ ਵਿੱਚ ਦਾਖਲ ਬੱਚਿਆਂ ਨੂੰ ਬੇਸ਼ੱਕ ਉਹ ਚਾਈਲਡ ਕੇਅਰ ਸੈਂਟਰ ਦੇ ਵਿੱਚ ਆਉਂਦੇ ਰਹੇ ਜਾਂ ਨਹੀਂ, ਨੂੰ 2 ਅਪ੍ਰੈਲ ਤੋਂ ਇਹ ਫੰਡਿਗ ਮਿਲੇਗੀ।
ਵਰਨਣਯੋਗ ਹੈ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਵਰਕਰਾਂ ਨੂੰ ਆਪਣੇ ਬੱਚਿਆਂ ਦੀ ਸੰਭਾਲ ਦੇ ਲਈ ਘਰ ਵਿੱਚ ਹੀ ਰਹਿਣਾ ਪੈ ਰਿਹਾ ਹੈ ਅਤੇ ਇਸਦਾ ਅਸਰ ਉਹਨਾਂ ਦੇ ਕੰਮਾਂ-ਕਾਰਾਂ ਉਪਰ ਵੀ ਪਿਆ ਹੈ। ਬਹੁਤ ਸਾਰੇ ਮਾਪਿਆਂ ਨੇ ਚਾਈਲਡ ਕੇਅਰ ਜਾਣ ਤੋਂ ਬੱਚਿਆਂ ਨੂੰ ਹਟਾ ਵੀ ਲਿਆ ਹੈ। ਸਰਕਾਰ ਨਹੀਂ ਚਾਹੁੰਦੀ ਕਿ ਮਾਪੇ ਆਪਣੇ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਬੱਝ ਜਾਣ। ਅਜਿਹੇ ਸਮੇਂ ਦੇ ਵਿੱਚ ਸਰਕਾਰ ਦੇ ਵਲੋਂ ਵਰਕਰਾਂ ਦੇ ਬੱਚਿਆਂ ਦੀ ਸੰਭਾਲ ਦੇ ਲਈ ਤੇ ਚਾਈਲਡ ਕੇਅਰ ਸੈਂਟਰਾਂ ਨੂੰ ਚੱਲਦੇ ਰੱਖਣ ਦੇ ਲਈ ਸਹਾਰਾ ਦੇਣ ਦਾ ਯਤਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਜਰੂਰੀ ਕੰਮ ਤੋਂ ਇਲਾਵਾ ਬਾਹਰ ਨਾ ਨਿਕਲਣ ਅਤੇ ਪਾਬੰਦੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਹਨਾਂ ਚਿਤਾਵਨੀ ਦਿੱਤੀ ਕਿ ਇਸ ਤਰਾਂ੍ਹ ਦੇ ਹਾਲਾਤ ਅਗਲੇ 6 ਮਹੀਨਿਆਂ ਤੱਕ ਦੇ ਲਈ ਹੋ ਸਕਦੇ ਹਨ।
Source: indotimes