ਤਸਮਾਨੀਆ ਦੇ ਪ੍ਰੀਮੀਅਰ ਪੀਟਰ ਗਟਵੇਨ ਦੇ ਐਲਾਨ ਤੋਂ ਬਾਅਦ ਬਰਨੀ ਦੇ ਨਾਰਥ ਵੈਸਟ ਰਿਜਨਲ ਹਸਪਤਾਲ ਅਤੇ ਨਾਰਥ ਵੈਸਟ ਪ੍ਰਾਈਵੇਟ ਹਸਪਤਾਲ ਅੱਜ ਸੋਮਵਾਰ ਸਵੇਰੇ 7 ਵਜੇ ਤੋਂ ਬੰਦ ਹੋ ਗਏ। ਜ਼ਿਕਰਯੋਗ ਹੈ ਕਿ ਇਨਾ੍ਹਂ ਹਸਪਤਾਲਾਂ ਅੰਦਰ ਘੱਟੋ ਘੱਟ 1000 ਤੋਂ ਵੀ ਜ਼ਿਆਦਾ ਲੋਕ (ਸਟਾਫ ਅਤੇ ਉਨਾ੍ਹਂ ਦੇ ਘਰ ਦੇ ਮੈਂਬਰ) ਕਰੋਨਾ ਦੇ ਮੱਦੇ ਨਜ਼ਰ ਦੋ ਹਫ਼ਤਿਆਂ ਵਾਸਤੇ ਕੁਆਰਨਟੀਨ ਵਿੱਚ ਭੇਜ਼ ਦਿੱਤੇ ਗਏ ਹਨ। ਇਨਾ੍ਹਂ ਥਾਵਾਂ ਉਪਰ 49 ਮਾਮਲੇ ਕਰੋਨਾ ਦੇ ਆਏ ਹਨ ਅਤੇ ਇਨਾ੍ਹਂ ਵਿੱਚ 35 ਸਿਹਤ ਕਰਮਚਾਰੀ ਹਨ।
ਦੇਸ਼ ਅੰਦਰ ਬੀਤੇ ਕੱਲ੍ਹ ਐਤਵਾਰ ਨੂੰ ਇੱਕ 74 ਸਾਲਾ ਵਿਅਕਤੀ (ਸਾਊਥ ਆਸਟ੍ਰੇਲੀਆ ਰੂਬੀ ਪ੍ਰਿੰਸੇਸ ਕਰੂਜ਼ ਦਾ ਯਾਤਰੀ) ਦੀ ਮੌਤ, 82 ਸਾਲਾਂ ਦੇ ਵਿਅਕਤੀ ਦੀ ਸਿਡਨੀ ਵਿੱਚ ਮੌਤ ਅਤੇ 70 ਸਾਲਾ ਔਰਤ ਦੀ ਤਸਮਾਨੀਆ ਵਿਖੇ ਮੌਤ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 59 ਹੋ ਗਈ ਹੈ। ਮੁੱਖ ਮੈਡੀਕਲ ਅਧਿਕਾਰੀ ਬਰੈਂਡਨ ਮਰਫੀ ਅਨੁਸਾਰ ਬੇਸ਼ਕ ਅਸੀਂ ਲਾਕਡਾਊਨ ਅਤੇ ਹੋਰ ਨਿਰਦੇਸ਼ਾਂ ਦਾ ਪਾਲਨ ਕਰ ਰਹੇ ਹਾਂ ਪਰੰਤੂ ਫੇਰ ਵੀ ਇਹ ਵਾਇਰਸ ਲੋਕਾਂ ਵਿੱਚ ਟ੍ਰਾਂਸਮਿਟ ਹੋ ਰਿਹਾ ਹੈ ਅਤੇ ਇਸੇ ਪੜਾਅ ਨੂੰ ਰੋਕਣਾ ਬਹੁਤ ਲਾਜ਼ਮੀ ਹੈ। ਪਰੋਫੈਸਰ ਮਰਫੀ ਅਨੁਸਾਰ ਦੇਸ਼ ਅੰਦਰ ਇਸ ਵੇਲੇ 6289 ਕਰੋਨਾ ਵਾਇਰਸ ਦੇ ਸਰਗਰਮ ਮਾਮਲੇ ਹਨ।
Source: PunjabiAkhbar