ਬਰੈਂਡਨ ਮਰਫੀ -ਮੁੱਖ ਮੈਡੀਕਲ ਅਧਿਕਾਰੀ, ਨੇ ਰਾਹਤ ਦੀ ਖ਼ਬਰ ਦਿੰਦਿਆਂ ਕਿਹਾ ਕਿ ਦੇਸ਼ ਅੰਦਰ ਚਲ ਰਹੀ ਕਰੋਨਾ ਦੀ ਮਹਾਂਮਾਰੀ ਦਾ ਟਿਕਾਅ ਵੱਲ ਨੂੰ ਜਾਂਦਾ ਗ੍ਰਾਫ ਦਰਸਾ ਰਿਹਾ ਹੈ ਕਿ ਬਿਮਾਰੀ ਦੀਆਂ ਦਰਾਂ ਅੰਦਰ ਕੁੱਝ ਹੱਦ ਤੱਕ ਸਥਾਈਪੁਣਾ ਆਇਆ ਹੈ ਅਤੇ ਇਸਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਭਵਿੱਖ ਵਿੱਚ ਇਹ ਹੇਠਾਂ ਨੂੰ ਉਤਰਨਾ ਸ਼ੁਰੂ ਹੋ ਜਾਵੇਗਾ। ਇਸ ਦਾ ਮੁੱਖ ਕਾਰਨ ਸਮਾਜਿਕ ਦੂਰੀਆਂ ਅਤੇ ਸਾਫ ਸਫਾਈ ਨੂੰ ਸਮਝਿਆ ਜਾ ਸਕਦਾ ਹੈ। ਪਰੰਤੂ ਇਸ ਦਾ ਮਤਲੱਭ ਇਹ ਬਿਲਕੁਲ ਵੀ ਨਹੀਂ ਹੈ ਕਿ ਸਾਨੂੰ ਬੇਫਿਕਰ ਹੋ ਜਾਣਾ ਚਾਹੀਦਾ ਹੈ -ਸਗੋਂ ਹੁਣ ਤਾਂ ਸਾਨੂੰ ਹੋਰ ਵੀ ਸਤਰਕ ਰਹਿਣਾ ਚਾਹੀਦਾ ਹੈ ਅਤੇ ਇਸ ਬਿਮਾਰੀ ਉਪਰ ਜਦੋਂ ਤੱਕ ਪੂਰੀ ਤਰਾ੍ਹਂ ਨਾਲ ਕਾਬੂ ਨਹੀਂ ਕਰ ਲਿਆ ਜਾਂਦਾ, ਸਾਨੂੰ ਆਰਾਮ ਨਾਲ ਬੈਠਣਾ ਨਹੀਂ ਚਾਹੀਦਾ।
ਪ੍ਰਧਾਨ ਮੰਤਰੀ ਨੇ ਵੀ ਇਸ ਗੱਲ ਵਿੱਚ ਆਪਣੀ ਹਾਂ ਮਿਲਾਉਂਦਿਆਂ ਕਿਹਾ ਕਿ ਹੁਣ ਬਿਮਾਰੀ ਦੇ ਇਸ ਮੋੜ ਉਪਰ ਸਾਨੂੰ ਹੋਰ ਵੀ ਸਤਰਕ ਹੋ ਜਾਣਾ ਚਾਹੀਦਾ ਹੈ ਅਤੇ ਪੂਰਨ ਮੁਸਤੈਦੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਨੂੰ ਜੜੋਂ ਪੁੱਟਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੈਡੀਕਲ ਅਧਿਕਾਰੀ ਕੈਨਬਰਾ ਦੇ ਵਿੱਚ ਬੀਤੇ ਮੰਗਲਵਾਰ ਨੂੰ ਮਾਡਲਿੰਗ ਗ੍ਰਾਫ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਪ੍ਰਮਾਤਮਾ ਨਾ ਕਰੇ ਜੇਕਰ 23 ਮਿਲੀਅਨ ਲੋਕ ਇਸ ਬਿਮਾਰੀ ਤੋਂ ਇੱਕਦਮ ਗ੍ਰਸਤ ਹੁੰਦੇ ਹਨ ਤਾਂ ਸਾਨੂੰ ਤਕਰੀਬਨ 35000 ਤੋਂ ਵੀ ਵੱਧ ਆਈ.ਸੀ.ਯੂ. (Intensive Care Units) ਬੈਡਾਂ ਦੀ ਹਰ ਰੋਜ਼ ਲੋੜ ਪੈ ਸਕਦੀ ਹੈ ਅਤੇ ਗਿਣਤੀ ਇਸ ਤੋਂ ਵੀ ਉਪਰ ਹੋ ਸਕਦੀ ਹੈ। ਦੋਹਾਂ ਨੇ ਜਨਤਕ ਭਰੋਸਗੀ ਨੂੰ ਕਾਇਮ ਰੱਖਦਿਆਂ ਕਿਹਾ ਕਿ ਇਸ ਲਈ ਹਾਲੇ ਵੀ ਸਾਨੂੰ ਪੂਰਨ ਸਾਵਧਾਨ ਅਤੇ ਤਿਆਰ ਰਹਿਣ ਦੀ ਲੋੜ ਹੈ ਅਤੇ ਇਹ ਤਿਆਰੀ ਜੰਗੀ ਪੱਧਰ ਉਪਰ ਹੀ ਹੋ ਰਹੀ ਹੈ ਅਤੇ ਇਸੇ ਤਰਾ੍ਹਂ ਜਾਰੀ ਵੀ ਰਹੇਗੀ।
Source: punjabiakhbar