ਇਸ ਆਪਦਾ ਦੀ ਘੜੀ ਵਿੱਚ ਵੀ ਪਿਛਲੇ ਕੁੱਝ ਸਮੇਂ ਤੋ ਕੁੱਝ ਸਿਹਤ ਕਰਮਚਾਰੀਆਂ, ਸਫਾਈ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ, ਫਾਰਮਾਸਿਸਟਾਂ, ਪੈਰਾਮੈਡੀਕਲ ਸਟਾਫ ਅਤੇ ਹੋਰ ਜਨਤਕ ਅਧਿਕਾਰੀ ਜਾਂ ਕਰਮਚਾਰੀ ਜੋ ਕਿ ਕਰੋਨਾ ਦੀ ਰੋਕਥਾਮ ਵਾਸਤੇ ਦਿਨ ਰਾਤ ਸੇਵਾ ਤੇ ਲੱਗੇ ਹਨ -ਨਾਲ ਕੁੱਝ ਸ਼ਰਾਰਤੀ ਤੱਤਵਾਂ ਵੱਲੋਂ ਗੈਰ ਜ਼ਿੰਮੇਵਾਰਾਨਾ ਹਰਕਤਾਂ ਕਰਨ ਦੇ ਮਾਮਲੇ ਅਤੇ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਅਤੇ ਇਨਾ੍ਹਂ ਸ਼ਿਕਾਇਤਾਂ ਅੰਦਰ ਅਜਿਹੇ ਮਾਮਲੇ ਵੀ ਸ਼ਾਮਿਲ ਹਨ ਜਿਸ ਵਿੱਚ ਕਿ ਉਕਤ ਸੇਵਾਦਾਰਾਂ ਉਪਰ ਕਈ ਥਾਵਾਂ ਉਪਰ ਕਥਿੱਤ ਤੌਰ ਤੇ ਥੁੱਕਿਆ ਅਤੇ ਖੰਘਿਆ ਵੀ ਗਿਆ।
ਇਸ ਸਭ ਨੂੰ ਦੇਖਦਿਆਂ ਹੋਇਆਂ ਰਾਜ ਦੇ ਸਿਹਤ ਮੰਤਰੀ ਬਰਾਡ ਹੈਜ਼ਰਡ ਨੇ ਐਲਾਨ ਕੀਤਾ ਹੈ ਕਿ ਅਜਿਹੇ ਗੈਰਕਾਨੂੰਨੀ, ਗੈਰ ਸਮਾਜਿਕ ਅਤੇ ਗੰਦੇ ਕੰਮ ਕਰਨ ਵਾਲਿਆਂ ਨੂੰ ਹੁਣ 5,000 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਜਿਵੇਂ ਕਿ ਪਹਿਲਾਂ ਦੇਸ਼ ਦੇ ਸਿਹਤ ਮੰਤਰੀ ਨੇ ਵੀ ਐਲਾਨ ਕੀਤਾ ਹੋਇਆ ਹੈ ਕਿ ਉਨਾ੍ਹਂ ਨੂੰ ਜ਼ਿੰਦਗੀ ਭਰ ਜੇਲ੍ਹ ਦੀਆਂ ਚਾਰ ਦਿਵਾਰਾਂ ਅੰਦਰ ਵੀ ਸੜ੍ਹਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਸਮੁੱਚਾ ਸੰਸਾਰ ਇਸ ਵੇਲੇ ਇਸ ਮਹਾਂਮਾਰੀ ਦੇ ਅਧੀਨ ਹੈ ਅਤੇ ਤਕਰੀਬਨ 15 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋ ਚੁਕੇ ਹਨ ਅਤੇ ਇਨਾ੍ਹਂ ਵਿੱਚੋ਼ 330,000 ਲੋਕ ਠੀਕ ਵੀ ਹੋਏ ਹਨ ਅਤੇ ਇਸ ਦੇ ਨਾਲ ਨਾਲ ਮੌਤਾਂ ਦਾ ਆਂਕੜਾ ਵੀ ਇੱਕ ਲੱਖ ਨੂੰ ਛੋਹਣ ਹੀ ਵਾਲਾ ਹੈ। ਜ਼ਿਕਰਯੋਗ ਹੈ ਕਿ ਕਈ ਹਸਪਤਾਲਾਂ ਨੇ ਤਾਂ ਲੋਕਾਂ ਵੱਲੋਂ ਅਜਿਹੇ ਮਾੜੇ ਵਿਵਹਾਰਾਂ ਦੇ ਮੱਦੇਨਜ਼ਰ ਆਪਣੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੀ ਮੈਡੀਕਲ ਵਾਲੀ ਵਰਦੀ ਜਨਤਕ ਤੌਰ ਤੇ ਪਾਉਣ ਹੀ ਨਾ ਤਾਂ ਜੋ ਸਿੱਧੇ ਤੌਰ ਤੇ ਅਜਿਹੀਆਂ ਭੈੜੀਆਂ ਵਾਰਦਾਤਾਂ ਤੋਂ ਬੱਚਿਆ ਜਾ ਸਕੇ।
Source: punjabiakhbar