ਕਰੋਨਾ ਵਾਇਰਸ ਦੇ ਚਲਦਿਆਂ ਕਾਫੀ ਦੇਰ ਤੋਂ ਸਰਕਾਰ ਨੂੰ ਪ੍ਰਸ਼ਨਾਂ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਸੀ ਕਿ ਆਰਜ਼ੀ ਵੀਜ਼ਾ ਹੋਲਡਰਾਂ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਇਸਦੇ ਇਵਜ ਵਿੱਚ ਸਰਕਾਰ ਨੇ ਇਨਾ੍ਹਂ ਦੋਹਾਂ ਸ਼੍ਰੇਣੀਆਂ ਦੀ ਮਦਦ ਲਈ ਸੁਪਰ ਐਨੂਏਸ਼ਨ ਫੰਡ ਵਿੱਚ 20,000 ਡਾਲਰਾਂ ਤੱਕ ਦੀ ਰਕਮ ਇਸਤੇਮਾਲ ਕਰਨ ਦੀ ਛੋਟ ਦੇ ਦਿੱਤੀ ਹੈ। ਵਿਤੀ ਸਾਲ 2020-21 ਅਤੇ 21-22 ਦੌਰਾਨ ਇਹ ਰਕਮ ਦੋ ਵਾਰੀ ਮਤਲਭ ਕਿ ਦੱਸ – ਦੱਸ ਹਜ਼ਾਰ ਪ੍ਰਤੀ ਸਾਲ ਕਰਕੇ ਇਸਤੇਮਾਲ ਕੀਤਾ ਜਾ ਸਕਦੀ ਹੈ।
ਵੈਸੇ ਵਿਦਿਆਰਥੀਆਂ ਵਾਸਤੇ ਇੱਕ ਕੰਡੀਸ਼ਨ ਇਹ ਵੀ ਹੈ ਕਿ ਉਹ ਵਿਦਿਆਰਥੀ ਜੋ ਕਿ ਇੱਕ ਸਾਲ ਤੋਂ ਵੱਧ ਸਮੇਂ ਤੋਂ ਇੱਥੇ ਰਹਿ ਰਹੇ ਹਨ ਸਿਰਫ ਉਹੀ ਇਸ ਸਕੀਮ ਦਾ ਫਾਇਦਾ ਲੈ ਸਕਣਗੇ। ਇਸ ਸਕੀਮ ਦਾ ਲਾਭ ਲੈਣ ਵਾਲਿਆਂ ਵਾਸਤੇ ਇੱਕ ਕੰਡੀਸ਼ਨ ਇਹ ਵੀ ਹੈ ਕਿ ਉਨਾ੍ਹਂ ਨੂੰ ਆਪਣੀ ਮੌਜੂਦਾ ਸਥਿਤੀ ਅਤੇ ਵਿਤ ਦੇ ਨੁਕਸਾਨ ਲਈ ”ਫਾਈਨੈਂਸ਼ਲ ਹਾਰਡਸ਼ਿਪ” ਦੇ ਤਹਿਤ ਮਨਜ਼ੂਰੀ ਲੈਣੀ ਪਵੇਗੀ ਅਤੇ ਇਹ ਸਭ ਵਾਸਤੇ ਜ਼ਰੂਰੀ ਹੈ। ਮਾਰਚ 16, 2020 ਦੀ ਤਾਰੀਖ ਇਸ ਵਾਸਤੇ ਸੀਮਾ ਰੱਖੀ ਗਈ ਹੈ ਮਤਲਭ ਕਿ ਇਸ ਤਾਰੀਖ ਤੋਂ ਬਾਅਦ ਦੇ ਨੁਕਸਾਨ ਨੂੰ ਹੀ ਕਰੋਨਾ ਉਪਰ ਆਧਾਰਿਤ ਨੁਕਸਾਨ ਮੰਨਿਆ ਜਾਵੇਗਾ। ਜ਼ਿਕਰਯੋਗ ਇਹ ਵੀ ਹੈ ਕਿ ਇਸ ਰਕਮ ਦਾ ਇਸਤੇਮਾਲ ਸਿਰਫ ਅਤੇ ਸਿਰਫ ਜ਼ਿੰਦਗੀ ਜਿਊਣ ਲਈ ਲੋੜਾਂ ਦੀ ਪੂਰਤੀ ਲਈ ਹੀ ਕੀਤਾ ਜਾ ਸਕਦਾ ਹੈ ਅਤੇ ਨਾ ਕਿ ਲਗਜ਼ਰੀ ਵਸਤੂਆਂ ਦੀ ਖਰੀਦ ਲਈ। ਇਸ ਸਕੀਮ ਦੇ ਤਹਿਤ ਪੰਜੀਕਰਣ ਵਾਸਤੇ ਏ.ਟੀ.ਓ. ਦੀ ਵੈਬਸਾਈਟ ਉਪਰ ਜਾ ਕੇ ਆਪਣੇ ਆਪ ਨੂੰ ਰਜਿਸਟਰ ਕੀਤਾ ਜਾ ਸਕਦਾ ਹੈ।
Source: Punjabiakhbar