ਕਰੋਨਾ ਲਾਕਡਾਊਨ ਦੇ ਚਲਦਿਆਂ ਭਾਰਤ ਵਿੱਚ ਵੀ ਕਿਉਂਕਿ ਪੂਰਨ ਤੌਰ ਤੇ ਬੰਦ ਹੈ ਅਤੇ ਇਸੇ ਕਰਕੇ 1,300 ਦੇ ਕਰੀਬ ਆਸਟ੍ਰੇਲੀਆਈ ਨਿਵਾਸੀ ਇੱਥੇ ਫੱਸੇ ਹੋਏ ਸਨ ਅਤੇ ਆਸਟ੍ਰੇਲੀਆ ਦੇ ਫੋਰਨ ਮਨਿਸਟਰ ਮੈਰੀਸ ਪਾਇਨ ਨੂੰ ਲਗਾਤਾਰ ਈ ਮੇਲ ਉਪਰ ਮਦਦ ਦੀ ਮੰਗ ਕਰ ਰਹੇ ਸਨ ਅਤੇ ਹੁਣ ਇਹ ਲੋਕ ਚਾਰਟਰ ਫਲਾਈਟਾਂ ਦੀ ਮਦਦ ਨਾਲ ਦੇਸ਼ ਵਾਪਿਸ ਪਰਤ ਰਹੇ ਹਨ। ਬਰੈਂਡਨ ਹੈਂਪਲ ਜੋ ਕਿ ਇੱਕ ਚਾਰਟਰਟ ਫਲਾਈਟ ਕੰਪਨੀ (ਸਟਰੈਟਸ ਗਰੁੱਪ ਏਵੀਏਸ਼ਨ) ਦਾ ਮਾਲਿਕ ਹੈ ਅਤੇ ਚੀਨ ਤੋਂ ਮੈਡੀਕਲ ਦਵਾਈਆਂ ਆਸਟ੍ਰੇਲੀਆ ਅੰਦਰ ਲੈ ਕੇ ਆਉਣ ਦਾ ਕੰਮ ਕਰਦਾ ਹੈ, ਨੇ ਸਪੈਸ਼ਲ ਇਜਾਜ਼ਤ ਲਈ ਹੈ ਤਾਂ ਜੋ ਭਾਰਤ ਅੰਦਰ ਫਸੇ ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਜਲਦ ਤੋ ਜਲਦ ਵਾਪਿਸ ਲੈ ਆਇਆ ਜਾਵੇ।
ਨਵੀਂ ਦਿੱਲੀ ਅੰਦਰ ਰਹਿ ਰਹੇ ਇੱਕ ਆਸਟ੍ਰੇਲੀਆਈ ਨਾਗਰਿਕ ਸਾਈਮਨ ਕੁਇਨ ਵੱਲੋਂ ਇੱਕ ਫੇਸਬੁੱਕ ਉਪਰ ਮਦਦਗਾਰ ਗਰੁੱਪ ਵੀ ਬਣਾਇਆ ਗਿਆ ਹੈ ਅਤੇ ਜੋ ਲੋਕ ਵੀ ਭਾਰਤ ਵਿੱਚ ਫਸੇ ਹਨ, ਉਨਾ੍ਹਂ ਨੂੰ ਕੰਟੈਕਟ ਕਰਨ ਲਈ ਕਿਹਾ ਹੈ। ਇਸ ਪਹਿਲੀ ਚਾਰਟਰਡ ਫਲਾਈਟ ਵਿੱਚ ਟਿਕਟ ਲੈਣ ਵਾਲੇ ਕਲੋ ਡਿਮੋਪੋਲਸ ਅਤੇ ਉਸ ਦੀ ਸਾਥੀ ਬੈਨ ਮੁਨਰੋ ਵੀ ਸ਼ਾਮਿਲ ਹਨ ਜੋ ਕਿ ਪਿੱਛਲੇ 18 ਦਿਨਾਂ ਤੋਂ ਜੈਪੁਰ ਦੇ ਇੱਕ ਹਸਪਤਾਲ ਅੰਦਰ ਕੁਆਰਨਟੀਨ ਵਿੱਚ ਰਹਿਣ ਤੋਂ ਬਾਅਦ ਹੁਣ ਦਿੱਲੀ ਦੇ ਇੱਕ ਹੋਟਲ ਵਿੱਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਇਨਾ੍ਹਂ ਫਲਾਈਟਾਂ ਦੀ ਟਿਕਟ ਦਾ ਮੁੱਲ ਤਕਰੀਬਨ 2000 ਡਾਲਰ ਪ੍ਰਤੀ ਸੀਟ ਪੈ ਰਿਹਾ ਹੈ ਅਤੇ ਦਿੱਲੀ, ਮੁੰਬਈ ਅਤੇ ਚੇਨਈ ਤੋਂ ਆਸਟ੍ਰੇਲੀਆ ਵਿਚਾਲੇ ਤਕਰੀਬਨ 10 ਫਲਾਈਟਾਂ ਚਲਾਈਆਂ ਜਾਣਗੀਆਂ।
Source: PunjabiAkhbar