ਕਰੋਨਾ ਦੇ ਵੱਧਦੇ ਖ਼ਤਰੇ ਨਾਲ ਸਮੁੱਚੇ ਸੰਸਾਰ ਵਿੱਚ ਹੀ ਕੀਮਤੀ ਜਾਨਾਂ ਦੇ ਨਾਲ ਨਾਲ ਕੰਮ ਧੰਦੇ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਆਸਟ੍ਰੇਲੀਆ ਦੀ ਕੇਂਦਰ ਸਰਕਾਰ ਅਤੇ ਸਮੁੱਚੇ ਰਾਜਾਂ ਦੀਆਂ ਸਰਕਾਰਾਂ ਇਸ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਇਸੇ ਦੇ ਮੱਦੇ ਨਜ਼ਰ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਰਾਜ ਵਿਚਲੇ ਕੰਮ ਧੰਦੇ, ਘਰੇਲੂ ਵਸਤਾਂ ਅਤੇ ਨੌਕਰੀਆਂ ਨੂੰ ਸਪੋਰਟ ਕਰਨ ਵਾਸਤੇ ਆਰਥਿਕ ਮਦਦ ਦੇ ਦੂਜੇ ਦੌਰ ਦੌਰਾਨ 650 ਮਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ ਅਤੇ ਪਹਿਲਾਂ ਦੀ 350 ਮਿਲੀਅਨ ਡਾਲਰ ਦੀ ਰਾਸ਼ੀ ਨੂੰ ਮਿਲਾ ਕੇ ਹੁਣ ਤੱਕ ਦੀ ਮਦਦ ਰਾਸ਼ੀ ਇੱਕ ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ।
ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਰੋਜ਼ਗਾਰਾਂ, ਕੰਮ ਧੰਦਿਆਂ ਅਤੇ ਘਰੇਲੂ ਆਰਥਿਕਤਾ ਨੂੰ ਲਾਭ ਪਹੁੰਚੇਗਾ। ਫੈਡਰਲ ਸਰਕਾਰ ਹੁਣ ਜੰਗੀ ਪੱਧਰ ਉਪਰ ਲੋਕਾਂ ਦੀ ਮਦਦ ਲਈ ਉਤਰ ਆਈ ਹੈ ਤਾਂ ਜੋ ਇਸ ਆਪਦਾ ਤੋਂ ਬਾਅਦ ਆਰਥਿਕਤਾ ਦੀ ਗੱਡੀ ਨੂੰ ਮੁੜ ਤੋਂ ਲੋੜੀਂਦੀ ਅਤੇ ਸਹੀ ਰਫ਼ਤਾਰ ਮਿਲ ਸਕੇ। ਦੂਜੇ ਦੌਰ ਦੀ ਮਦਦ ਦੌਰਾਨ ਲੋਕਾਂ ਨੂੰ ਟੈਕਸ ਵਿੱਚ ਭਾਰੀ ਛੂਟ ਮਿਲੇਗੀ, ਕੰਮ-ਧੰਦਿਆਂ ਅਤੇ ਨੌਕਰੀਆਂ ਨੂੰ ਵਾਜਿਬ ਸਪੋਰਟ ਮਿਲੇਗੀ, ਕਮਿਊਨਿਟੀ ਨਾਲ ਸਬੰਧਤ ਸਪੋਰਟ; ਨੌਕਰੀਆਂ ਭਾਲਣ ਵਾਲਿਆਂ ਲਈ ਰਾਹਤ ਪੈਕੇਜ਼ ਆਦਿ ਵੀ ਇਸ ਮਦਦ ਵਿੱਚ ਸ਼ਾਮਿਲ ਹਨ।
Source : punjabiakhbar