ਕੋਰੋਨਾਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਲਈ ਵਿਕਟੋਰੀਆ ਦੇ ਵਿੱਚ ‘ਸਟੇਜ-3’ ਪਾਬੰਦੀਆਂ ਦੀ ਮਿਆਦ ਅਗਲੇ 4 ਹਫ਼ਤਿਆਂ ਲਈ ਵਧਾਈ ਜਾ ਰਹੀ ਹੈ ਤਾਂ ਜੋ ਹੋਰ ਜਾਨਾਂ ਨੂੰ ਬਚਾਇਆ ਜਾ ਸਕੇ।
ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਅੱਜ ‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪਿਛਲੇ ਮਹੀਨੇ ਸੂਬੇ ਨੂੰ ‘ਐਮਰਜੈਂਸੀ ਵਾਲਾ ਰਾਜ’ ਐਲਾਨਿਆ ਗਿਆ ਸੀ ਅਤੇ ਇਸ ਨੂੰ ਹੁਣ 11 ਮਈ ਦੀ ਅੱਧੀ ਰਾਤ ਤੱਕ ਵਧਾਇਆ ਜਾਵੇਗਾ। ਇਸ ਨਾਲ ਹੈਲਥ ਸਿਸਟਮ ਦੁਆਰਾ ਕੀਤੇ ਗਏ ਉਪਾਆਂ ਦੇ ਨਾਲ ਕੋਰੋਨਾਵਾਇਰਸ ਦੀ ਵਧਦੀ ਜਾ ਰਹੀ ਉਚਾਈ ਦੀ ਦਰ ਨੂੰ ਬਿਲਕੁਲ ਹੇਠਾਂ ਲਿਆਉਣ ਦੇ ਵਿੱਚ ਮੱਦਦ ਮਿਲੇਗੀ। ਅਸਲ ‘ਚ ਸੂਬੇ ਦੇ ਵਿੱਚ ਐਮਰਜੈਂਸੀ 13 ਅਪ੍ਰੈਲ ਨੂੰ ਖਤਮ ਹੋਣੀ ਸੀ।
ਡੇਨੀਅਲ ਐਂਡਰਿਊਜ਼ ਨੇ ਕਿਹਾ ਹੈ ਕਿ “ਸੂਬੇ ਵਿੱਚ ਐਮਰਜੈਂਸੀ ਦੇ ਤਹਿਤ ਚੀਫ਼ ਹੈਲਥ ਐਡਵਾਈਜ਼ਰ ਦੇ ਨਿਰਦੇਸ਼ਾਂ ‘ਤੇ ਜ਼ੋਖਮ ਨੂੰ ਘੱਟ ਕਰਨ ਜਾਂ ਪਬਲਿਕ ਨੂੰ ਗੰਭੀਰ ਖਤਰੇ ਨੂੰ ਘੱਟ ਕਰਨ ਦੇ ਲਈ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ, ਹਲਚਲ ਨੂੰ ਸੀਮਤ ਕਰਕੇ, ਥਾਵਾਂ ‘ਤੇ ਦਾਖਲੇ ਨੂੰ ਰੋਕ ਕੇ ਜਾਂ ਕੋਈ ਹੋਰ ਕਾਰਵਾਈ ਜੋ ਅਧਿਕਾਰ ਪ੍ਰਾਪਤ ਅਧਿਕਾਰੀ ਜੋ ਲੋਕਾਂ ਦੀ ਸਿਹਤ ਦੀ ਸੁਰੱਖਿਆ ਦੇ ਲਈ ਠੀਕ ਸਮਝਦਾ ਹੋਵੇ, ਉਹ ਕਰ ਸਕਦਾ ਹੈ। ਪਾਬੰਦੀਆਂ ਦੇ ਵਿੱਚ ਇੱਕ ਮਹੀਨੇ ਦਾ ਹੋਰ ਵਾਧਾ ਕਰਨ ਦੇ ਨਾਲ ਹੈਲਥ ਐਡਵਾਈਜ਼ਰਾਂ ਦੀ ਸਲਾਹ ‘ਤੇ ਸਰਕਾਰ ਵਲੋਂ ਸੂਬੇ ਵਿੱਚ ਲਗਾਈਆਂ ਪਾਬੰਦੀਆਂ ਦੇ ਨਾਲ ਕੋਰੋਨਾਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਦੇ ਵਿੱਚ ਮੱਦਦ ਮਿਲੀ ਹੈ। ਇਹ ਲਾਪ੍ਰਵਾਹੀ ਦਾ ਵੇਲਾ ਨਹੀਂ ਹੈ, ਅਸੀਂ ਹਾਲੇ ਬਹੁਤ ਅੱਗੇ ਜਾਣਾ ਹੈ। ਜੇ ਅਸੀਂ ਹੁਣ ਢਿੱਲ ਦਿੱਤੀ ਤਾਂ ਵਾਇਰਸ ਬਹੁਤ ਤੇਜੀ ਨਾਲ ਫੈਲੇਗੀ ਤੇ ਇਹ ਸਾਡੇ ਹੈਲਥ ਪ੍ਰਣਾਲੀ ‘ਤੇ ਹਾਵੀ ਹੋ ਜਾਵੇਗੀ।”
ਪ੍ਰੀਮੀਅਰ ਨੇ ਅੱਗੇ ਕਿਹਾ ਕਿ “ਅਸੀਂ ਉਹਨਾਂ ਵਿਕਟੋਰੀਅਨ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਘਰਾਂ ਦੇ ਵਿੱਚ ਰਹਿ ਕੇ ਸਹੀ ਕੰਮ ਕਰ ਰਹੇ ਹਨ। ਪਰ ਸਾਨੂੰ ਜਾਨਾਂ ਬਚਾਉਣ ਦੇ ਲਈ ਇਸ ਨੂੰ ਜਰੂਰ ਜਾਰੀ ਰੱਖਣਾ ਪਵੇਗਾ। ਸਾਡਾ ਵਿਕਟੋਰੀਅਨ ਲੋਕਾਂ ਦੇ ਲਈ ਸੰਦੇਸ਼ ਬਦਲਿਆ ਨਹੀਂ ਹੈ: ਘਰ ਰਹੋ, ਸਾਡੇ ਹੈਲਥ ਸਿਸਟਮ ਦੀ ਰੱਖਿਆ ਕਰੋ। ਜਾਨਾਂ ਬਚਾਓ।
Source:indotimes