Sports
392
10
ਆਸਟ੍ਰੇਲੀਅਨ ਫਾਰਮੂਲਾ-1 ਤੇ ਕੋਰੋਨਾਵਾਇਰਸ ਦਾ ਪ੍ਰਛਾਵਾਂ
ਮੈਲਬੌਰਨ – ਵਿਕਟੋਰੀਆ ਦੇ ਚੀਫ਼ ਮੈਡੀਕਲ ਅਫਸਰ ਦੇ ਵਲੋਂ ਫਾਰਮੂਲਾ-1 ਗਰੈਂਡ ਪ੍ਰੀ ਅਧਿਕਾਰੀਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਮੈਲਬੌਰਨ ਦੇ ਐਲਬਰਟ ਪਾਰਕ ਦੇ ਵਿੱਚ ਹੋਣ ਵਾਲੀ ਵਿਸ਼ਵ ਪ੍ਰਸਿੱਧ 2020 ਆਸਟ੍ਰੇਲੀਅਨ ਫਾਰਮੂਲਾ-1 ਗਰੈਂਡ ਪ੍ਰੀਕਾਰਾਂ ਦੀ ਦੌੜ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ।ਫਾਰਮੂਲਾ-1 ਗਰੈਂਡ ਪ੍ਰੀ ਦੇ ਚੇਅਰਮੈਨ ਪਾਲ ਲਿਟਲ ਦੇ ਵਲੋਂ ਥੋੜ੍ਹੀ ਦੇਰ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ 2020 ਆਸਟ੍ਰੇਲੀਅਨ ਫਾਰਮੂਲਾ-1 ਗਰੈਂਡ ਪ੍ਰੀ ਨੂੰ ਕੈਂਸਲ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਾਲ ਲਿਟਲ ਨੇ ਫਾਰਮੂਲਾ-1 ਗਰੈਂਡ ਪ੍ਰੀ ਦੇ ਅਚਾਨਕ ਰੱਦ ਹੋਣ ਲਈ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਟਿਕਟਾਂ ਖ੍ਰੀਦਣ ਵਾਲੇ ਸਾਰੇ ਦਰਸ਼ਕਾਂ ਨੂੰ ਪੂਰਾ ਰਿਫੰਡ ਮਿਲੇਗਾ। ਉਹਨਾਂ ਕਿਹਾ ਕਿ ਇਹ ਫੈਸਲਾ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਿਹਤ ਅਧਿਕਾਰੀਆਂ ਨਾਲ ਕੀਤੇ ਗਏ ਲੰਬੇ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ।
ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਸੀ ਕਿ ਜੇ ਇਹ ਦੌੜ ਹੋਈ ਤਾਂ ਇਹ ਦਰਸ਼ਕ-ਮੁਕਤ ਹੋਵੇਗੀ ਜਾਣੀ ਕਿ ਸਟੇਡੀਅਮ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਇਸ ਦੌੜ ਦੇ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਮੈਕਲਾਰੇਨ ਟੀਮ ਦੇ ਇੱਕ ਮੈਂਬਰ ਨੂੰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਕੱਲ੍ਹ ਵੀਰਵਾਰ ਦੀ ਰਾਤ ਨੂੰ ਮੈਕਲਾਰੇਨ ਟੀਮ ਨੇ ਇਸ ਦੌੜ ਦੇ ਵਿੱਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਮੈਕਲਾਰੇਨ ਦੇ ਡਰਾਈਵਰ ਲੈਂਡੋ ਨੌਰਿਸ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਕਿਹਾ ਸੀ ਕਿ “ਉਹ ਨਾਰਾਜ਼ ਹੈ ਕਿ ਉਹ ਦੌੜ ਵਿੱਚ ਸ਼ਾਮਿਲ ਨਹੀਂ ਹੋ ਸਕੇਗਾ, ਇਸ ਸਮੇਂ ਸਭ ਤੋਂ ਮਹੱਤਵਪੂਰਣ ਚੀਜ਼ ਹਰ ਇਕ ਦੀ ਸਿਹਤ ਹੈ।
ਮੈਕਲਾਰੇਨ ਟੀਮ ਨੇ 2019 ਦੇ ਸੀਜ਼ਨ ਵਿਚ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਮਰਸਡੀਜ਼, ਫੇਰਾਰੀ ਅਤੇ ਰੈਡ ਬੁੱਲ ਤੋਂ ਬਾਅਦ ਚੈਂਪੀਅਨਸ਼ਿਪ ਵਿਚ ਚੌਥੇ ਸਥਾਨ ਤੇ ਰਹੀ ਸੀ।ਮੈਕਲਾਰੇਨ ਟੀਮ ਦੇ ਦੌੜ ਤੋਂ ਵੱਖ ਹੋਣ ਦੇ ਐਲਾਨ ਤੋਂ ਬਾਅਦ ਵਿਕਟੋਰੀਆ ਦੀ ਸਿਹਤ ਮੰਤਰੀ ਜੈਨੀ ਮਿਕਾਕੋਸ ਨੇ ਚੇਤਾਵਨੀ ਦਿੱਤੀ ਸੀ ਕਿ ਐਲਬਰਟ ਪਾਰਕ ਵਿਖੇ ਸਕਾਰਾਤਮਕ ਟੈਸਟ ਐਤਵਾਰ ਨੂੰ ਹੋਣ ਵਾਲੀ ਦੌੜ ਨੂੰ ਰੋਕ ਸਕਦੇ ਹਨ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰਬੰਧਕਾਂ ਨੇ ਚਾਰ ਦਿਨਾਂ ਵਿਚ ਐਲਬਰਟ ਪਾਰਕ ਵਿਖੇ ਹੋਏ ਸਮਾਗਮ ਵਿਚ ਤਕਰੀਬਨ 300,000 ਲੋਕਾਂ ਦੇ ਆਉਣ ਦੀ ਉਮੀਦ ਪ੍ਰਗਟਾਈ ਸੀ।ਇਥੇ ਇਹ ਵੀ ਜ਼ਿਕਰਯੋਗ ਹੈ ਕਿ 2020 ਆਸਟ੍ਰੇਲੀਅਨ ਫਾਰਮੂਲਾ-1 ਗਰੈਂਡ ਪ੍ਰੀ, ਤਸਮਾਨੀਆ ਦਾ ਡਾਰਕ ਮੋਫੋ ਸਰਦੀਆਂ ਦਾ ਤਿਉਹਾਰ ਅਤੇ ਪਿਕਸੀਜ਼ ਦਾ ਆਸਟ੍ਰੇਲੀਅਨ ਰੌਕ ਟੂਰ ਉਨ੍ਹਾਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਜੋ ਕੋਰੋਨਵਾਇਰਸ ਦੇ ਖ਼ਤਰੇ ਕਾਰਨ ਅਚਾਨਕ ਰੱਦ ਕਰ ਦਿੱਤੇ ਗਏ ਹਨ।
Source :indotimes
Tags:
Formula One, Australia

